ਸਥਾਨੀਕਰਨ ਉਦਯੋਗ ਵਿੱਚ ਰੁਜ਼ਗਾਰ ਦੇ ਮੌਕੇ

Written by: Magnon Sancus Punjabi Team

ਸਥਾਨੀਕਰਨ ਉਦਯੋਗ ‘ਤੇ ਇੱਕ ਝਾਤ

ਕੋਈ ਸਮਾਂ ਸੀ ਜਦੋਂ ਦੁਨੀਆ ਸਿਮਟੀ ਹੋਈ ਸੀ, ਹਰ ਦੇਸ਼, ਹਰ ਸ਼ਹਿਰ, ਸਿਰਫ਼ ਆਪਣੀਆਂ ਸਰਹੱਦਾਂ ਅੰਦਰ ਹੀ ਕਾਰੋਬਾਰ ਕਰਦਾ ਸੀ, ਲੈਣ-ਦੇਣ ਕਰਦਾ ਸੀ। ਦੂਜੇ ਦੇਸ਼ ਵਿੱਚ ਕਾਰੋਬਾਰ ਕਰਨਾ, ਯਾਤਰਾ ਕਰਨਾ ਬਹੁਤਿਆਂ ਲਈ ਇੱਕ ਸੁਪਨਾ ਸੀ। ਫਿਰ ਵਿਸ਼ਵੀਕਰਨ ਦੀ ਇੱਕ ਲਹਿਰ ਉੱਠੀ ਅਤੇ ਸਭ ਕੁਝ ਬਦਲ ਗਿਆ। ਦੇਸ਼ਾਂ ਵਿਚਕਾਰ ਕਾਰੋਬਾਰ ਵਧਿਆ, ਸੈਰ-ਸਪਾਟਾ ਵਧਿਆ ਅਤੇ ਇਸ ਨਾਲ ਲੋਕਾਂ ਵਿਚਕਾਰ ਹੋਣ ਵਾਲੇ ਸੰਚਾਰ ਵਿੱਚ ਵੀ ਵਾਧਾ ਹੋਇਆ। ਇਸ ਸੰਚਾਰ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਅੰਗਰੇਜ਼ੀ ਇੱਕ ਗਲੋਬਲ ਭਾਸ਼ਾ ਬਣ ਕੇ ਸਾਹਮਣੇ ਆਈ, ਜੋ ਕਿ ਕਾਫ਼ੀ ਹੱਦ ਤੱਕ ਕਾਰਗਰ ਵੀ ਸਾਬਤ ਹੋਇਆ, ਪਰ ਹੌਲੀ ਹੌਲੀ ਕੋਰਪੋਰੇਟ ਅਤੇ ਕਾਰੋਬਾਰਾਂ ਨੂੰ ਇਹ ਅਹਿਸਾਸ ਹੋਣ ਲੱਗਾ ਕਿ ਜੇ ਅਸੀਂ ਹਰ ਦੇਸ਼ ਦੇ ਧੁਰ ਅੰਦਰ ਤੱਕ ਪਹੁੰਚਣਾ ਹੈ, ਸੁਦੇਸ਼ੀ ਲੋਕਾਂ ਦੀ ਨਬਜ਼ ਨੂੰ ਫੜ੍ਹਨਾ ਹੈ, ਤਾਂ ਸਾਨੂੰ ਉਹਨਾਂ ਨਾਲ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਗੱਲ ਕਰਨੀ ਪਵੇਗੀ। ਇੱਥੋਂ ਜਨਮ ਹੋਇਆ ਸਥਾਨੀਕਰਨ ਉਦਯੋਗ ਦਾ। 1980 ਦੇ ਦਹਾਕੇ ਵਿੱਚ ਸਥਾਨੀਕਰਨ ਬਾਰੇ ਲੋਕਾਂ ਨੇ ਗੱਲ ਕਰਨੀ ਸ਼ੁਰੂ ਕੀਤੀ ਅਤੇ ਫਿਰ ਹੌਲੀ ਹੌਲੀ ਇਹ ਇੱਕ ਸੰਪੂਰਨ ਉਦਯੋਗ ਬਣ ਗਿਆ ਅਤੇ ਅੱਜ ਦੇ ਸਮੇਂ ਇਹ ਇੱਕ ਅਜਿਹੀ ਲੋੜ ਬਣਕੇ ਸਾਹਮਣੇ ਖੜ੍ਹਾ ਹੈ ਜਿਸਨੂੰ ਕੋਈ ਕਾਰੋਬਾਰ, ਕੋਈ ਕੋਰਪੋਰੇਟ ਅਣਡਿੱਠ ਨਹੀਂ ਕਰ ਸਕਦਾ। ਇੱਕ ਬਹੁਤ ਵੱਡੇ ਉਦਯੋਗ ਵਜੋਂ ਸਥਾਪਤ ਹੋਣ ਦੇ ਬਾਵਜੂਦ ਬਹੁਤ ਘੱਟ ਲੋਕ ਇਸ ਬਾਰੇ ਜਾਣੂ ਹਨ ਅਤੇ ਜ਼ਿਆਦਾ ਲੋਕ ਇਸ ਨੂੰ ਇੱਕ ਪੇਸ਼ੇ ਵਜੋਂ ਨਹੀਂ ਦੇਖਦੇ। ਆਪਾਂ ਅੱਜ ਗੱਲ ਕਰਾਂਗੇ ਸਥਾਨੀਕਰਨ ਉਦਯੋਗ ਵਿੱਚ ਉਪਲਬਧ ਰੁਜ਼ਗਾਰ ਦੇ ਮੌਕਿਆਂ ਬਾਰੇ, ਕਿਵੇਂ ਸਥਾਨੀਕਰਨ ਉਦਯੋਗ ਨਾਲ ਜੁੜਿਆ ਜਾ ਸਕਦਾ ਹੈ, ਸਥਾਨੀਰਨ ਵਿੱਚ ਆਪਣਾ ਕਰੀਅਰ ਤਲਾਸ਼ ਰਹੇ ਲੋਕ ਕਿਸ ਕਿਸਮ ਦੇ ਕਾਰੋਬਾਰਾਂ ਅਤੇ ਕੋਰਪੋਰੇਟਾਂ ਨਾਲ ਜੁੜ ਸਕਦੇ ਹਨ ਅਤੇ ਸਥਾਨੀਕਰਨ ਵਿੱਚ ਕਰੀਅਰ ਬਣਾਉਣ ਦੇ ਕੀ ਫ਼ਾਇਦੇ ਹਨ।

ਇੱਕ ਪੇਸ਼ੇ ਵਜੋਂ ਸਥਾਨੀਕਰਨ

ਅਸੀਂ ਇੱਥੇ ਸਥਾਨੀਕਰਨ ਉਦਯੋਗ ਨਾਲ ਜੁੜੀਆਂ ਕੁਝ ਭੂਮਿਕਾਵਾਂ (ਰੋਲ) ਦੀ ਗੱਲ ਕਰਾਂਗੇ, ਜਿਨ੍ਹਾਂ ਨੂੰ ਤੁਸੀਂ ਇੱਕ ਪੇਸ਼ੇ ਵਜੋਂ ਅਪਣਾ ਸਕਦੇ ਹੋ:

ਅਨੁਵਾਦਕ/ਸੰਪਾਦਕ (ਟਰਾਂਸਲੇਟਰ/ਐਡੀਟਰ): ਇਹ ਸਭ ਤੋਂ ਮੁੱਢਲੀ ਅਤੇ ਅਹਿਮ ਭੂਮਿਕਾ ਹੈ। ਇਸ ਵਿੱਚ ਤੁਸੀਂ ਦਸਤਾਵੇਜ਼ਾਂ, ਵੈੱਬਸਾਈਟਾਂ, ਐਪਾਂ ਆਦਿ ਦਾ ਇੱਕ ਤੋਂ ਦੂਜੀ ਭਾਸ਼ਾ ਵਿੱਚ ਸਥਾਨੀਕਰਨ ਕਰਦੇ ਹੋ। ਇਸ ਲਈ ਤੁਹਾਨੂੰ ਸਰੋਤ ਅਤੇ ਟੀਚਾ ਭਾਸ਼ਾ ਦੋਵਾਂ ਦਾ ਗਿਆਨ ਹੋਣਾ ਚਾਹੀਦਾ ਹੈ ਪਰ ਟੀਚਾ ਭਾਸ਼ਾ ਤੁਹਾਡੀ ਮੂਲ ਬੋਲੀ ਹੋਣੀ ਚਾਹੀਦੀ ਹੈ। ਇਸ ਦੀਆਂ ਮੁੱਖ ਯੋਗਤਾਵਾਂ ਵਿੱਚ ਸ਼ਾਮਲ ਹੈ, ਅਨੁਵਾਦ ਵਿੱਚ ਕੋਈ ਡਿਪਲੋਮਾ ਜਾਂ ਡਿਗਰੀ, ਭਾਸ਼ਾ ਵਿੱਚ ਡਿਗਰੀ ਜਾਂ ਅਨੁਵਾਦ/ਸੰਪਾਦਨ ਵਿੱਚ ਕੁਝ ਅਨੁਭਵ। ਜ਼ਿਆਦਾਤਰ ਕੰਪਨੀਆਂ ਤੁਹਾਡੇ ਭਾਸ਼ਾ ਸੰਬੰਧੀ ਹੁਨਰ ਨੂੰ ਜਾਂਚਣ ਲਈ ਟੈਸਟ ਲੈਂਦੀਆਂ ਹਨ।

ਭਾਸ਼ਾ ਮੁਖੀ (ਲੈਂਗੁਏਜ ਲੀਡ): ਜਿਸ ਕੰਪਨੀ ਵਿੱਚ ਇੱਕ ਭਾਸ਼ਾ ਦੇ ਬਹੁਤ ਸਾਰੇ ਅਨੁਵਾਦਕ ਹੁੰਦੇ ਹਨ, ਉਹ ਉਹਨਾਂ ਦੀ ਅਗਵਾਈ ਕਰਨ ਲਈ ਇੱਕ ਭਾਸ਼ਾ ਮੁਖੀ (ਲੈਂਗੁਏਜ ਲੀਡ) ਦੀ ਭਰਤੀ ਕਰਦੀਆਂ ਹਨ। ਹਰ ਭਾਸ਼ਾ ਦੀ ਟੀਮ ਲਈ ਇੱਕ ਭਾਸ਼ਾ ਮੁਖੀ (ਲੈਂਗੁਏਜ ਲੀਡ) ਜੋ ਉਸ ਭਾਸ਼ਾ ਲਈ ਹੋਣ ਵਾਲੇ ਸਾਰੇ ਸਥਾਨੀਕਰਨ ਸੰਬੰਧੀ ਕੰਮਾਂ ਦੀ ਅਗਵਾਈ ਕਰਦਾ ਹੈ। ਇਸ ਭੂਮਿਕਾ ਲਈ ਯੋਗ ਵਿਅਕਤੀ ਕੋਲ ਉਸ ਭਾਸ਼ਾ ਦੇ ਅਨੁਵਾਦ ਅਤੇ ਸੰਪਾਦਨ ਦਾ ਲੰਬਾ ਅਤੇ ਚੰਗਾ ਅਨੁਭਵ ਹੋਣਾ ਚਾਹੀਦਾ ਹੈ।

ਪ੍ਰਾਜੈੱਕਟ ਕੋਆਰਡੀਨੇਟਰ: ਪ੍ਰਾਜੈਕੱਟ ਕੋਆਰਡੀਨੇਟਰ ਟਰਾਂਸਲੇਸ਼ਨ ਮੈਨੇਜਮੈਂਟ ਟੂਲਾਂ ਦੀ ਵਰਤੋਂ ਕਰਦਾ ਹੈ, ਚੱਲ ਰਹੇ ਪ੍ਰਾਜੈੱਕਟ ਨਾਲ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ, ਅਨੁਵਾਦਕ ਟੀਮ ਨਾਲ ਰੂਟੀਨ ਵਿੱਚ ਗੱਲਬਾਤ ਕਰਦਾ ਹੈ ਅਤੇ ਨਵੇਂ ਪ੍ਰਾਜੈੱਕਟਾਂ ਦੀ ਤਿਆਰੀ ਕਰਦਾ ਹੈ। ਪ੍ਰਾਜੈੱਕਟ ਕੋਆਰਡੀਨੇਟਰ ਅਨੁਵਾਦਕ ਟੀਮ ਅਤੇ ਪ੍ਰਾਜੈੱਕਟ ਮੈਨੇਜਰ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਹੈ। ਇਸ ਭੂਮਿਕਾ ਲਈ ਯੋਗ ਹੋਣ ਵਾਸਤੇ ਤੁਹਾਡੇ ਕੋਲ, ਕਿਸੇ ਭਾਸ਼ਾ ਜਾਂ ਅਨੁਵਾਦ ਵਿੱਚ ਮਾਸਟਰਜ਼ ਡਿਗਰੀ, ਅਨੁਵਾਦ/ਸੰਪਾਦਨ ਦਾ ਲੰਬਾ ਅਤੇ ਚੰਗਾ ਅਨੁਭਵ ਜਾਂ ਕਿਸੇ ਹੋਰ ਉਦਯੋਗ ਦਾ ਪ੍ਰਬੰਧਨ ਅਨੁਭਵ ਹੋਣਾ ਚਾਹੀਦਾ ਹੈ।

ਪ੍ਰਾਜੈੱਕਟ ਮੈਨੇਜਰ: ਪ੍ਰਾਜੈੱਕਟ ਮੈਨੇਜਰ ਪ੍ਰਾਜੈੱਕਟ ਕੋਆਰਡੀਨੇਟਰਾਂ ਅਤੇ ਅਨੁਵਾਦਕ ਟੀਮ ਨੂੰ ਸੁਪਰਵਾਈਜ਼ ਕਰਦਾ ਹੈ, ਬਾਹਰੀ ਵੈਂਡਰਾਂ ਨਾਲ ਗੱਲਬਾਤ ਕਰਦਾ ਹੈ, ਕੰਮ ਦੇ ਪ੍ਰਵਾਹ ਦੀ ਨਿਗਰਾਨੀ ਕਰਦਾ ਹੈ ਅਤੇ ਵੱਖ ਵੱਖ ਟੂਲਾਂ ਦਾ ਅਮਲੀਕਰਨ ਕਰਦਾ ਹੈ। ਇਸ ਦੀ ਪ੍ਰਮੁੱਖ ਜ਼ਿੰਮੇਵਾਰੀ ਪ੍ਰਾਜੈੱਕਟਾਂ ਦੀ ਅੰਤਿਮ ਅਤੇ ਨਿਰੰਤਰ ਡਿਲੀਵਰੀ ਹੁੰਦੀ ਹੈ। ਪ੍ਰਾਜੈੱਕਟ ਮੈਨੇਜਰ ਆਮ ਤੌਰ ‘ਤੇ ਲੋਕਾਂ ਦਾ ਨਹੀਂ ਪ੍ਰਾਜੈੱਕਟਾਂ, ਪ੍ਰਕਿਰਿਆਵਾਂ ਦਾ ਪ੍ਰਬੰਧਨ ਕਰਦੇ ਹਨ, ਅਤੇ ਗਤੀਵਿਧੀ ਨੂੰ ਸੁਪਰਵਾਈਜ਼ ਕਰਦੇ ਹਨ। ਇਸ ਭੂਮਿਕਾ ਲਈ ਯੋਗਤਾ ਵਿੱਚ ਪ੍ਰਾਜੈੱਕਟ ਕੋਆਰਡੀਨੇਟਰ ਵਜੋਂ ਕਈ ਸਾਲਾਂ ਦਾ ਅਨੁਭਵ, ਪੀ.ਐਮ.ਪੀ. ਸਰਟੀਫਿਕੇਸ਼ਨ (ਪ੍ਰਾਜੈੱਕਟ ਮੈਨੇਜਮੈਂਟ ਪ੍ਰੋਫੈਸ਼ਨਲ) ਅਤੇ ਬਿਜ਼ਨਸ ਮੈਨੇਜਮੈਂਟ ਵਿੱਚ ਮੈਨੇਜਮੈਂਟ ਡਿਗਰੀ ਸ਼ਾਮਲ ਹੈ।

ਪ੍ਰੋਗਰਾਮ ਮੈਨੇਜਰ:- ਪ੍ਰੋਗਰਾਮ ਮੈਨੇਜਰ ਪ੍ਰਾਜੈੱਕਟ ਮੈਨੇਜਰਾਂ ਦੀ ਟੀਮ ਦਾ ਪ੍ਰਬੰਧਨ ਕਰਦੇ ਹਨ, ਕਾਰਗੁਜ਼ਾਰੀ ਦੀਆਂ ਸਮੀਖਿਆਵਾਂ ਕਰਦੇ ਹਨ ਅਤੇ ਸੰਪੂਰਨ ਸਥਾਨੀਕਰਨ ਰਣਨੀਤੀ ਨਿਰਧਾਰਿਤ ਕਰਦੇ ਹਨ। ਪ੍ਰੋਗਰਾਮ ਮੈਨੇਜਰ ਪੂਰੀ ਕੰਪਨੀ ਵਿੱਚ ਸਥਾਨੀਕਰਨ ਰਣਨੀਤੀ ਦੇ ਅਮਲੀਕਰਨ ਨੂੰ ਸੁਨਿਸ਼ਚਿਤ ਕਰਨ ਲਈ ਕੰਪਨੀਆਂ ਦੀਆਂ ਕ੍ਰਾਸ-ਫੰਕਸ਼ਨਲ ਟੀਮਾਂ, ਜਿਵੇਂ ਕਿ, ਇੰਜੀਨੀਅਰਿੰਗ, ਮਾਰਕੀਟਿੰਗ, ਗਾਹਕ ਸੇਵਾ ਅਤੇ ਕਿਊ.ਏ., ਨਾਲ ਅੰਤਰਕਿਰਿਆ ਕਰਦੇ ਹਨ। ਪ੍ਰੋਗਰਾਮ ਮੈਨਜੇਰ ਦੇ ਵਿੱਚ ਸ਼ਾਮਲ ਹੈ, ਪ੍ਰਾਜੈੱਕਟ ਮੈਨੇਜਰ ਵਜੋਂ 3 ਤੋਂ 5 ਸਾਲ ਦਾ ਅਨੁਭਵ, ਸੀ.ਏ.ਟੀ. (CAT) ਟੂਲਾਂ ਦਾ ਵਧੀਆ ਗਿਆਨ ਅਤੇ ਰਣਨੀਤੀ ਬਣਾਉਣ, ਉਸਦਾ ਅਮਲੀਕਰਨ ਕਰਨ ਅਤੇ ਇੱਕ ਵਿਵਿਧ ਟੀਮ ਨੂੰ ਪ੍ਰੇਰਿਤ ਰੱਖਣ ਦੀ ਯੋਗਤਾ।

ਉਪਰੋਕਤ ਭੂਮਿਕਾਵਾਂ ਤੋਂ ਇਲਾਵਾ ਰੁਜ਼ਗਾਰ ਦੇ ਹੋਰ ਵੀ ਕਈ ਮੌਕੇ ਇਸ ਉਦਯੋਗ ਵਿੱਚ ਉਪਲਬਧ ਹਨ ਜਿਨ੍ਹਾਂ ਦੀ ਵਿਸਤਾਰ ਨਾਲ ਪੜਚੋਲ ਕੀਤੀ ਜਾ ਸਕਦੀ ਹੈ।

ਰੁਜ਼ਗਾਰ ਦੇ ਖੇਤਰ

ਸਥਾਨੀਕਰਨ ਇਸ ਸਮੇਂ ਦੀ ਅਜਿਹੀ ਲੋੜ ਹੈ ਜਿਸ ਨੂੰ ਹਰ ਖੇਤਰ ਵੱਲੋਂ ਵੱਖ-ਵੱਖ ਉਦੇਸ਼ਾਂ ਲਈ ਅਪਣਾਇਆ ਜਾ ਰਿਹਾ ਹੈ। ਹੇਠਾਂ ਕੁਝ ਅਜਿਹੇ ਪ੍ਰਮੁੱਖ ਖੇਤਰ ਸੂਚੀਬੱਧ ਕੀਤੇ ਗਏ ਹਨ ਜੋ ਤੁਹਾਨੂੰ ਸਥਾਨੀਕਰਨ ਵਿੱਚ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾ ਸਕਦੇ ਹਨ।

ਐਡਵਰਟਾਈਜ਼ਿੰਗ (ਵਿਗਿਆਪਨ):  ਇਹ ਇੱਕ ਸਦਾਬਹਾਰ ਖੇਤਰ ਹੈ ਜੋ ਸਮੇਂ ਸਮੇਂ ਅਨੁਸਾਰ ਆਪਣੇ ਅੰਦਰ ਲੋੜੀਂਦੇ ਬਦਲਾਵ ਕਰਦਾ ਰਿਹਾ ਹੈ। ਕਿਸੇ ਵੀ ਉਤਪਾਦ, ਸੇਵਾ ਨੂੰ ਘਰ-ਘਰ ਪਹੁੰਚਣ ਲਈ ਇਸ ਦਾ ਸਹਾਰਾ ਲੈਣਾ ਹੀ ਪੈਂਦਾ ਹੈ, ਤੇ ਜੇ ਉਹ ਸੁਨੇਹਾ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਪਹੁੰਚਾਇਆ ਜਾਵੇ, ਤਾਂ ਗੱਲ ਸੋਨੇ ਤੇ ਸੁਹਾਗੇ ਵਾਲੀ ਹੋ ਜਾਂਦੀ ਹੈ। ਇਸ ਲਈ ਸਥਾਨੀਕਰਨ ਪੇਸ਼ੇਵਰਾਂ ਲਈ ਇਹ ਉਦਯੋਗ ਭਰਪੂਰ ਰੁਜ਼ਗਾਰ ਦੇ ਮੌਕੇ ਪੇਸ਼ ਕਰਦਾ ਹੈ।

ਲੀਗਲ (ਕਨੂੰਨੀ): ਭਾਰਤ ਵਿੱਚ ਹਰ ਰਾਜ ਦੀ ਆਪਣੀ ਇੱਕ ਅਧਿਕਾਰਤ ਭਾਸ਼ਾ ਹੈ ਅਤੇ ਇਸ ਲਈ ਉਸ ਰਾਜ ਦੇ ਲੋਕਾਂ ਦੇ ਅਧਿਕਾਰਤ ਦਸਤਾਵੇਜ਼ ਉੱਥੋਂ ਦੀ ਸਥਾਨਕ ਭਾਸ਼ਾ ਵਿੱਚ ਬਣਦੇ ਹਨ। ਪਰ ਕਈ ਵਾਰ ਬਹੁਤ ਸਾਰੇ ਕਨੂੰਨੀ ਕਾਰਨਾਂ ਕਰਕੇ ਇਹਨਾਂ ਦਾ ਅਨੁਵਾਦ ਕਰਵਾਉਣ ਦੀ ਲੋੜ ਪੈਂਦੀ ਹੈ, ਇਸ ਲਈ ਇਹ ਖੇਤਰ ਵੀ ਸਥਾਨੀਕਰਨ ਵਿੱਚ ਬਹੁਤ ਸਾਰੇ ਰੁਜ਼ਗਾਰ ਦੇ ਮੌਕਿਆਂ ਦੀ ਪੇਸ਼ਕਸ਼ ਕਰਦਾ ਹੈ।

ਮੈਡੀਕਲ: ਮੈਡੀਕਲ ਇੱਕ ਅਜਿਹਾ ਖੇਤਰ ਹੈ ਜੋ ਨਿਰੰਤਰ ਬਦਲਦਾ ਰਹਿੰਦਾ ਹੈ, ਹਰ ਰੋਜ਼ ਕਿਸੇ ਨਾ ਕਿਸੇ ਨਵੀਂ ਤਕਨਾਲੋਜੀ, ਉਪਚਾਰ ਆਦਿ ਦਾ ਈਜਾਦ ਹੁੰਦਾ ਹੈ ਅਤੇ ਉਹ ਸੰਸਾਰ ਦੇ ਹਰ ਇਨਸਾਨ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦਾ ਹੈ। ਇਹਨਾਂ ਇਲਾਜਾਂ ਅਤੇ ਨਵੀਆਂ ਤਕਨਾਲੋਜੀਆਂ ਲਈ ਕਈ ਵਾਰ ਲੰਬੇ ਅਧਿਐਨ ਕਰਨੇ ਪੈਂਦੇ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੀ ਭਾਗੀਦਾਰੀ ਹੋਣਾ ਇਸ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦਾ ਹੈ ਅਤੇ ਹਰ ਇਨਸਾਨ ਦੀ ਪ੍ਰਤੀਕਿਰਿਆ ਲੈਣ ਲਈ ਉਸ ਦੀ ਬੋਲੀ ਜਾਣਨਾ ਬਹੁਤ ਜ਼ਰੂਰੀ ਹੈ। ਇਸ ਲਈ ਇਹ ਇੱਕ ਹੋਰ ਅਜਿਹਾ ਖੇਤਰ ਹੈ ਜਿੱਥੇ ਸਥਾਨੀਕਰਨ ਬਹੁਤ ਉਪਯੋਗੀ ਹੈ।

ਇਹਨਾਂ ਖੇਤਰਾਂ ਤੋਂ ਇਲਾਵਾ ਲਗਭਗ ਹਰ ਖੇਤਰ ਵਿੱਚ ਇਸ ਸਮੇਂ ਸਥਾਨੀਕਰਨ ਨਾਲ ਜੁੜੇ ਰੁਜ਼ਗਾਰ ਦੇ ਮੌਕੇ ਉਪਲਬਧ ਹਨ, ਲੋੜ ਹੈ ਸਿਰਫ਼ ਇਹਨਾਂ ਤੱਕ ਪਹੁੰਚ ਕਰਨ ਦੀ।

ਤਨਖਾਹ ਅਤੇ ਹੋਰ ਲਾਭ:

ਹੁਣ ਵਾਰੀ ਆਉਂਦੀ ਹੈ ਇੱਕ ਬਹੁਤ ਅਹਿਮ ਪਹਿਲੂ ਦੀ ਕਿਉਂਕਿ ਕੋਈ ਵੀ ਪੇਸ਼ਾ ਜਾਂ ਰੁਜ਼ਗਾਰ ਚੁਣਨ ਲਈ ਤਨਖਾਹ ਅਤੇ ਉਸ ਨਾਲ ਜੁੜੇ ਫ਼ਾਇਦੇ ਬਹੁਤ ਮਾਇਨੇ ਰੱਖਦੇ ਹਨ। ਸਥਾਨੀਕਰਨ ਨਾਲ ਕਈ ਤਰੀਕਿਆਂ ਨਾਲ ਜੁੜਿਆ ਜਾ ਸਕਦਾ ਹੈ ਅਤੇ ਹਰ ਕਿਸੇ ਦੇ ਆਪਣੇ ਫ਼ਾਇਦੇ ਅਤੇ ਆਮਦਨਾਂ ਹਨ। ਇੱਥੇ ਅਸੀਂ ਕੁਝ ਤਰੀਕੇ ਸੂਚੀਬੱਧ ਕਰ ਰਹੇ ਹਾਂ:

ਫ੍ਰੀਲਾਂਸ ਜਾਂ ਵਰਕ ਫ੍ਰਾਮ ਹੋਮ: ਬਹੁਤ ਸਾਰੀਆਂ ਕੰਪਨੀਆਂ ਤੁਹਾਨੂੰ ਸਥਾਈ ਕਰਮਚਾਰੀ ਦੇ ਤੌਰ ‘ਤੇ ਭਰਤੀ ਨਾ ਕਰ ਕੇ ਫ੍ਰੀਲਾਂਸ ਕੰਮ ਜਾਂ ਵਰਕ ਫ੍ਰਾਮ ਹੋਮ ਦੀ ਪੇਸ਼ਕਸ਼ ਕਰਦੀਆਂ ਹਨ। ਇਸ ਵਿੱਚ ਤੁਸੀਂ ਜਿੰਨਾ ਕੰਮ ਕਰਦੇ ਹੋ, ਤੁਹਾਨੂੰ ਉਸ ਹਿਸਾਬ ਨਾਲ ਭੁਗਤਾਨ ਕੀਤਾ ਜਾਂਦਾ ਹੈ। ਨਾ ਤੁਹਾਨੂੰ ਦਫ਼ਤਰ ਜਾਣ ਦੀ ਲੋੜ ਅਤੇ ਨਾ ਹੀ ਤੁਹਾਨੂੰ ਕੋਈ ਫਿਕਸ ਘੰਟੇ ਕੰਮ ਕਰਨ ਦੀ ਲੋੜ, ਤੁਸੀਂ ਆਪਣੀ ਮਰਜ਼ੀ ਨਾਲ ਕੰਮ ਕਰ ਸਕਦੇ ਹੋ। ਇਸ ਵਿੱਚ ਤੁਹਾਨੂੰ ਪ੍ਰਤੀ ਸ਼ਬਦ ਜਾਂ ਪ੍ਰਤੀ ਘੰਟੇ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਂਦਾ ਹੈ।

ਕੰਟਰੈਕਟ: ਇਸ ਵਿੱਚ ਕੰਪਨੀ ਤੁਹਾਨੂੰ ਸਥਾਈ ਕਰਮਚਾਰੀ ਦੇ ਹਿਸਾਬ ਨਾਲ ਭਰਤੀ ਨਾ ਕਰਕੇ ਕੰਟਰੈਕਟਰ ਦੇ ਹਿਸਾਬ ਨਾਲ ਭਰਤੀ ਕਰਦੀ ਹੈ। ਇਸ ਦੇ ਅਧੀਨ ਤੁਹਾਡੇ ਲਈ ਇੱਕ ਹਫ਼ਤੇ ਵਿੱਚ ਕੁਝ ਫਿਕਸ ਘੰਟੇ ਉਸ ਕੰਪਨੀ ਲਈ ਕੰਮ ਕਰਨਾ ਲਾਜ਼ਮੀ ਹੁੰਦਾ ਹੈ ਅਤੇ ਤੁਹਾਨੂੰ ਉਹਨਾਂ ਘੰਟਿਆਂ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਂਦਾ ਹੈ।

ਸਥਾਈ ਕਰਮਚਾਰੀ: ਇਸ ਵਿੱਚ ਤੁਹਾਨੂੰ ਇੱਕ ਕੰਪਨੀ ਇੱਕ ਸਥਾਈ ਕਰਮਚਾਰੀ ਦੇ ਤੌਰ ‘ਤੇ ਭਰਤੀ ਕਰਦੀ ਹੈ ਅਤੇ ਤੁਸੀਂ ਕੰਮ ਕਰਨ ਲਈ ਮਹੀਨਾਵਾਰ ਤਨਖਾਹ ਪ੍ਰਾਪਤ ਕਰਦੇ ਹੋ। ਇਸ ਤੋਂ ਇਲਾਵਾ, ਪੀ.ਐਫ਼. (PF), ਮੈਡੀਕਲ ਬੀਮਾ, ਆਦਿ ਵਰਗੇ ਹੋਰ ਲਾਭ ਵੀ ਤੁਹਾਨੂੰ ਦਿੱਤੇ ਜਾਂਦੇ ਹਨ।

ਉਪਰੋਕਤ ਸਾਰੀਆਂ ਚੀਜ਼ਾਂ ਦੇਖ ਕੇ ਅਸੀਂ ਸਮਝ ਸਕਦੇ ਹਾਂ ਕਿ ਸਥਾਨੀਕਰਨ ਇੱਕ ਵਿਕਾਸ਼ਸ਼ੀਲ ਉਦਯੋਗ ਹੈ, ਜੋ ਕਿ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਸ ਵਿੱਚ ਆਪਣਾ ਕਰੀਅਰ ਸ਼ੁਰੂ ਕਰਨਾ ਤੁਹਾਡੇ ਲਈ ਸੰਭਾਵਨਾਵਾਂ ਦਾ ਇੱਕ ਵੱਡਾ ਪਿਟਾਰਾ ਖੋਲ੍ਹ ਸਕਦਾ ਹੈ।

    Leave a Reply

    Your email address will not be published. Required fields are marked *