ਸਥਾਨੀਕਰਨ ਨਾਲ ਜੁੜੀਆਂ ਚੁਣੌਤੀਆਂ: ਸਥਾਨੀਕਰਨ ਦੇ ਸੰਸਾਰ ਵਿੱਚ ਕਦਮ ਰੱਖਣ ਵਾਲੇ ਨਵੇਂ ਬ੍ਰਾਂਡਾਂ ਲਈ ਕੁਝ ਸੁਝਾਅ

Written by: Palwinder Singh & Gaganpreet Singh

ਜੇ ਭਾਸ਼ਾਵਾਂ ਇੱਕ ਕਿਰਦਾਰ ਦੀ ਤਰ੍ਹਾਂ ਹੁੰਦੀਆਂ ਤਾਂ ਬੇਸ਼ੱਕ ਅੰਗਰੇਜ਼ੀ ਸਾਡੇ ਲਈ ਇੱਕ ਬਹੁਤ ਵਧੀਆ ਤਹਿਜ਼ੀਬ ਵਾਲੇ ਸਾਥੀ ਦੀ ਤਰ੍ਹਾਂ ਹੁੰਦੀ ਪਰ ਜੇ ਅਸਲ ਵਿੱਚ ਦੇਖੀਏ ਤਾਂ ਸਥਾਨਕ ਭਾਸ਼ਾ ਹੀ ਤੁਹਾਡੇ ਲਈ ਇੱਕ ਸੱਚੇ ਦੋਸਤ ਦੀ ਤਰ੍ਹਾਂ ਉਭਰ ਕੇ ਆਉਂਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਇਸ ਰਾਹੀਂ ਤੁਸੀਂ ਆਪਣੇ ਦੁੱਖ-ਸੁੱਖ ਸਾਂਝੇ ਕਰ ਸਕਦੇ ਹੋ, ਉਹ ਕਿਸੇ ਹੋਰ ਭਾਸ਼ਾ ਰਾਹੀਂ ਨਹੀਂ ਕੀਤੇ ਜਾ ਸਕਦੇ। ਬ੍ਰਾਂਡਾਂ ਵਿੱਚ ਆਪਣੇ ਸੇਧਿਤ ਦਰਸ਼ਕਾਂ ਦਾ ‘ਇਹ’ ਦੋਸਤ ਬਣਨ ਦੀ ਤਾਂਘ ਦਿਨੋਂ ਦਿਨ ਵਧਦੀ ਜਾ ਰਹੀ ਹੈ। ਉਹ ਅਜਿਹੀ ਬੋਲੀ ਵਿੱਚ ਆਪਣੀ ਗੱਲ ਰੱਖਣਾ ਚਾਹੁੰਦੇ ਹਨ, ਜੋ ਨਾ ਸਿਰਫ਼ ਉਹਨਾਂ ਦੇ ਸੁਨੇਹੇ ਨੂੰ ਦਰਸ਼ਕਾਂ ਤੱਕ ਪਹੁੰਚਾਏ, ਬਲਕਿ ਉਹਨਾਂ ਨੂੰ ਆਪਣੇਪਣ ਦਾ ਵੀ ਅਹਿਸਾਸ ਕਰਵਾਏ। ਜੇਕਰ ਬਹੁਤ ਸਾਰੇ ਲੋਕਾਂ ਨੂੰ ਇਸ ਅਪਣੱਤ ਦਾ ਅਹਿਸਾਸ ਪਹੁੰਚਾਉਣ ਲਈ ਬਹੁਤ ਸਾਰੀਆਂ ਭਾਸ਼ਾਵਾਂ ਦੀ ਲੋੜ ਪੈਂਦੀ ਹੈ, ਤਾਂ ਫਿਰ ਇਹੀ ਸਹੀ! 

ਸਥਾਨੀਕਰਨ ਬਹੁਤ ਸਾਰੇ ਉਦਯੋਗਾਂ ਵਿੱਚ ਖਪਤਕਾਰਾਂ ਨੂੰ ਰੁਝਾਉਣ ਦੇ ਤਰੀਕੇ ਨੂੰ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਜਿਹੜੀਆਂ ਗੱਲਾਂਬਾਤਾਂ ਕਦੇ ਸਿਰਫ਼ ਟੀਵੀ ਜਾਂ ਹੋਰ ਸੰਚਾਰ ਦੇ ਵੱਡੇ ਮਾਧਿਅਮਾਂ ਰਾਹੀਂ ਕੀਤੀਆਂ ਜਾਂਦੀਆਂ ਸਨ, ਉਹ ਅੱਜ ਕੱਲ੍ਹ ਲੋਕਾਂ ਦੇ ਹੱਥਾਂ ਵਿੱਚ ਪਹੁੰਚਣ ਕਾਰਨ ਬਹੁਤ ਨਿੱਜੀ ਤੌਰ ‘ਤੇ ਹੋਣੀਆਂ ਸ਼ੁਰੂ ਹੋ ਗਈਆਂ ਹਨ। ਗਾਹਕਾਂ ਤੱਕ ਭਾਵਨਾਤਮਿਕ ਤੌਰ ‘ਤੇ ਪਹੁੰਚ ਕਰਨ ਲਈ ਉਹਨਾਂ ਨਾਲ ਵਿਅਕਤੀਗਤ ਤੌਰ ‘ਤੇ ਜੁੜਨ ‘ਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਇਹ ਤਾਂਘ ਜਾਂ ਉਤਸੁਕਤਾ ਚੰਗਾ ਵਿਵਹਾਰ ਕਰਨ ਦੇ ਉਦੇਸ਼ ਨਾਲ ਨਹੀਂ ਸਾਹਮਣੇ ਆਈ ਹੈ। ਬਲਕਿ ਇਹ ਹੁਣ ਇੱਕ ਜ਼ਰੂਰਤ ਬਣ ਗਈ ਹੈ। ਮੁਕਾਬਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਮਾਰਕੀਟ ਸ਼ੇਅਰ ਘਟਦੇ ਜਾ ਰਹੇ ਹਨ। ਇਸ ਲਈ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਖ ਕਰ ਕੇ ਦਿਖਾਉਣਾ ਹੋਰ ਵੀ ਚੁਣੌਤੀਪੂਰਨ ਹੋ ਗਿਆ ਹੈ। ਅਜਿਹੇ ਕਾਰੋਬਾਰੀ ਮਾਹੌਲ ਵਿੱਚ, ਇੱਕ ਸਫਲ ਸਥਾਨੀਕਰਨ ਰਣਨੀਤੀ ਹਾਲੇ ਤੱਕ ਅਣਛੋਹੇ ਬਾਜ਼ਾਰਾਂ ਦੇ ਦਰਵਾਜ਼ੇ ਖੋਲ੍ਹਦੀ ਹੈ ਅਤੇ ਬਾਜ਼ਾਰ ਦੇ ਮੌਜੂਦਾ ਵਰਗੀਕਰਨਾਂ ਵਿੱਚ ਵੀ ਇੱਕ ਮਜ਼ਬੂਤ ਵਿਲੱਖਣਤਾ ਸਿਰਜਣ ਵਿੱਚ ਮਦਦ ਕਰਦੀ ਹੈ। ਪਰ ਕਿਸੇ ਵੀ ਚੀਜ਼ ਦਾ ਅਮਲੀਕਰਨ ਹਮੇਸ਼ਾਂ ਮੁਸ਼ਕਲ ਹੁੰਦਾ ਹੈ। ਸਥਾਨੀਕਰਨ ਵਿੱਚ ਪ੍ਰਵੇਸ਼ ਕਰਨ ਵਾਲੇ ਬਾਜ਼ਾਰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ? ਬ੍ਰਾਂਡਾਂ ਅਤੇ ਭਾਸ਼ਾਵਾਂ ਨਾਲ ਲੰਮੇ ਸਮੇਂ ਤੱਕ ਕੰਮ ਕਰਨ ਕਰਕੇ ਪ੍ਰਾਪਤ ਹੋਈ ਉਹਨਾਂ ਬਾਰੇ ਸਮਝ ਅਤੇ ਆਪਣੇ ਅਨੁਭਵ ਦੇ ਆਧਾਰ ‘ਤੇ ਅਸੀਂ ਇਹਨਾਂ ਪੰਜ ਪ੍ਰਮੁੱਖ ਚੁਣੌਤੀਆਂ ਨੂੰ ਸੂਚੀਬੱਧ ਕੀਤਾ ਹੈ। 

1. ਬਿਰਤਾਂਤ ਦਾ ਅਸਲ ਅਰਥ ਗੁਆਉਣਾ

ਸਥਾਨੀਕਰਨ ਕੋਈ ਨਵੀਂ ਚੀਜ਼ ਨਹੀਂ ਹੈ। ਮੀਡੀਆ ਅਤੇ ਪ੍ਰਕਾਸ਼ਨ ਉਦਯੋਗ ਬਹੁਤ ਲੰਮੇ ਸਮੇਂ ਤੋਂ ਸਮੱਗਰੀ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਸਫਲਤਾਪੂਰਵਕ ਉਪਲਬਧ ਕਰਵਾਉਂਦੇ ਆ ਰਹੇ ਹਨ। ਪਰ ਇਹਨਾਂ ਦਾ ਮੁੱਖ ਉਤਪਾਦ ‘ਸਮੱਗਰੀ’ ਹੈ ਅਤੇ ਇਹ ਅਨੁਵਾਦ ਅਤੇ ਸਥਾਨੀਕਰਨ ਨਾਲ ਜੁੜੀਆਂ ਪੇਚੀਦਗੀਆਂ ਨੂੰ ਸਮਝਦੇ ਹਨ। ਹਾਲਾਂਕਿ ਸਥਾਨੀਕਰਨ ਵਿੱਚ ਪ੍ਰਵੇਸ਼ ਕਰਨ ਵਾਲੇ ਜ਼ਿਆਦਾਤਰ ਨਵੇਂ ਬ੍ਰਾਂਡ, ਭਾਸ਼ਾ ਨੂੰ ਇੱਕ ਮੁੱਖ ਉਤਪਾਦ ਦੀ ਤਰ੍ਹਾਂ ਤਰਜੀਹ ਨਹੀਂ ਦਿੰਦੇ, ਭਾਵੇਂ ਕਿ ਇਹ ਗਾਹਕਾਂ ਨੂੰ ਆਪਣੇ ਨਾਲ ਜੋੜਨ ਦਾ ਇੱਕ ਬਹੁਤ ਮਹੱਤਵਪੂਰਨ ਪਹਿਲੂ ਹੈ। ਸੰਗਠਨਾਂ ਦੇ ਸਭ ਤੋਂ ਹੁਸ਼ਿਆਰ ਅਤੇ ਸਮਝਦਾਰ ਲੋਕਾਂ ਦਾ ਵੀ ਫ਼ੈਸਲੇ ਲੈਣ ਦੇ ਮੌਕਿਆਂ ‘ਤੇ ਸੋਚ-ਵਿਚਾਰ ਵਿੱਚ ਪੈ ਜਾਣਾ ਜਾਂ ਘਬਰਾ ਜਾਣਾ ਇੱਕ ਸੁਭਾਵਿਕ ਗੱਲ ਹੈ। ਉਹਨਾਂ ਦੇ ਮਨ ਵਿੱਚ ਇਹ ਵੀ ਡਰ ਹੁੰਦਾ ਹੈ ਕਿ ਸਥਾਨੀਕਰਨ ਕਰਨ ਦੇ ਨਾਲ ਅਸੀਂ ਬਿਰਤਾਂਤ ਦੇ ਅਸਲ ਅਰਥ ਗੁਆ ਦੇਵਾਂਗੇ। ਉਹ ਇਸ ਗੱਲ ‘ਤੇ ਕਿਵੇਂ ਵਿਸ਼ਵਾਸ ਕਰ ਸਕਦੇ ਹਨ ਕਿ ਉਹਨਾਂ ਦੇ ਬ੍ਰਾਂਡ ਦਾ ਪ੍ਰਮੁੱਖ ਸੁਨੇਹਾ ਉਹਨਾਂ ਨੂੰ ਨਾ ਸਮਝ ਆਉਣ ਵਾਲੀ ਭਾਸ਼ਾ ਵਿੱਚ ਦਰਸ਼ਕਾਂ ਤੱਕ ਬਿਲਕੁਲ ਉਸੇ ਤਰੀਕੇ ਨਾਲ ਪਹੁੰਚੇਗਾ ਜਿਵੇਂ ਉਹ ਚਾਹੁੰਦੇ ਹਨ? ਵਿਸ਼ਵਾਸ ਦੀ ਇਹੀ ਘਾਟ ਕਈ ਸਾਰੀਆਂ ਕੰਪਨੀਆਂ ਨੂੰ ਵਿਸਤਾਰ ਕਰਨ ਦੀ ਬਜਾਏ ਸੁਰੱਖਿਅਤ ਰਸਤਾ ਅਪਣਾਉਣ ਤੱਕ ਸੀਮਤ ਕਰਦੀ ਹੈ। ਇਸ ਮੁਸ਼ਕਲ ਮਿਸ਼ਨ ‘ਤੇ ਜਿੱਤ ਹਾਸਲ ਕਰਨ ਦਾ ਸਿਰਫ਼ ਇੱਕ ਹੀ ਤਰੀਕਾ ਹੈ, ਸਹੀ ਲੋਕਾਂ ਦੀ ਚੋਣ ਕਰਨਾ, ਜੋ ਤੁਹਾਡੀ ਗੱਲ ਨੂੰ ਲੋਕਾਂ ਤੱਕ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਸਹੀ ਤਰੀਕੇ ਨਾਲ ਪਹੁੰਚਾ ਸਕਣ।

2. ਤਰਜੀਹਾਂ ਨਾਲ ਜੁੜੇ ਪੇਚੀਦਾ ਸਵਾਲ

ਹਰੇਕ ਬ੍ਰਾਂਡ ਕੋਲ ਆਪਣੇ ਖਪਤਕਾਰਾਂ ਨੂੰ ਜੋੜਨ ਦੇ ਕਈ ਖ਼ਾਸ ਤਰੀਕੇ ਹੁੰਦੇ ਹਨ। ਜ਼ਿਆਦਾਤਰ ਮਾਮਲਿਆਂ ਵਿੱਚ, ਬ੍ਰਾਂਡਾਂ ਦੀ ਇੱਕੋ ਸਮੇਂ ‘ਤੇ ਸਾਰੀਆਂ ਭਾਸ਼ਾਵਾਂ ਵਿੱਚ ਸਥਾਨੀਕਰਨ ਕਰਨ ਦੀ ਨਾ ਤਾਂ ਇੱਛਾ ਹੁੰਦੀ ਹੈ ਅਤੇ ਨਾ ਹੀ ਉਹਨਾਂ ਕੋਲ ਇੰਨੇ ਸਰੋਤ ਹੁੰਦੇ ਹਨ। ਇਸ ਮੌਕੇ ‘ਤੇ ਹੀ ਉਹਨਾਂ ਨੂੰ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਸ਼ੁਰੂਆਤ ਕਿੱਥੋਂ ਕਰਨੀ ਹੈ। ਇਸ ਸਵਾਲ ਦਾ ਜਵਾਬ ਲੱਭਣ ਲਈ, ਬ੍ਰਾਂਡ ਨੂੰ ਆਪਣੇ ਖਪਤਕਾਰਾਂ ਨਾਲ ਜੁੜਨ ਦੇ ਸਾਰੇ ਤਰੀਕਿਆਂ ਦਾ ਭਾਸ਼ਾ ਦੇ ਦ੍ਰਿਸ਼ਟੀਕੋਣ ਮੁਤਾਬਕ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਅਤੇ ਇਹ ਸਮਝਣਾ ਚਾਹੀਦਾ ਹੈ ਕਿ ਕਿਹੜਾ ਤਰੀਕਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੋਵੇਗਾ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਜਿਨ੍ਹਾਂ ਚੀਜ਼ਾਂ ਦੀ ਪੇਸ਼ਕਾਰੀ ਸਭ ਤੋਂ ਵਧੀਆ ਹੁੰਦੀ ਹੈ, ਉਹ ਓਨੀਆਂ ਹੀ ਜ਼ਿਆਦਾ ਲਾਹੇਵੰਦ ਵੀ ਹੁੰਦੀਆਂ ਹਨ। ਇਹ ਇੱਕ ਵਿਗਿਆਪਨ, ਕਿਸੇ ਵੈੱਬਸਾਈਟ ਦਾ ਲੈਂਡਿੰਗ ਪੰਨਾ ਜਾਂ ਉਤਪਾਦ ਦਾ ਇੰਟਰਫੇਸ ਹੋ ਸਕਦਾ ਹੈ। ਇਹ ਤਰੀਕੇ ਜਾਂ ਸਪਰਸ਼ ਬਿੰਦੂ ਕਿਸੇ ਗਾਹਕ ਨੂੰ ਤੁਰੰਤ ਆਪਣੇ ਵੱਲ ਆਕਰਸ਼ਿਤ ਕਰਕੇ ਉਸ ਚੀਜ਼ ਦਾ ਵਧੇਰੇ ਅਨੁਭਵ ਪ੍ਰਾਪਤ ਕਰਨ ਦੀ ਤਾਂਘ ਪੈਦਾ ਕਰਦੇ ਹਨ। ਇੱਕ ਵਧੀਆ ਸਥਾਨੀਕਰਨ ਰਣਨੀਤੀ ਇਸ ਤਰਜੀਹੇ ਤਰੀਕੇ ਜਾਂ ਸਪਰਸ਼ ਬਿੰਦੂ ਨਾਲ ਸ਼ੁਰੂਆਤ ਕਰੇਗੀ ਅਤੇ ਇਸ ਨੂੰ ਉਦੋਂ ਤੱਕ ਅਪਣਾਉਣਾ ਜਾਰੀ ਰੱਖਣਾ ਚਾਹੀਦਾ ਹੈ ਜਦੋਂ ਤੱਕ ਸੰਪੂਰਨ ਅਨੁਭਵ ਨੂੰ ਸਥਾਨਕ ਭਾਸ਼ਾ ਵਿੱਚ ਮੁੜ ਨਹੀਂ ਸਿਰਜ ਦਿੱਤਾ ਜਾਂਦਾ। ਇਸੇ ਤਰ੍ਹਾਂ ਹੀ, ਪ੍ਰਭਾਵਸ਼ਾਲੀ ਤੌਰ ‘ਤੇ ਕੀਤਾ ਗਿਆ ਬਾਜ਼ਾਰ ਦਾ ਵਰਗੀਕਰਨ ਵੀ ਇਸ ਗੱਲ ਨੂੰ ਨਿਰਧਾਰਿਤ ਕਰਨ ਵਿੱਚ ਸਹਾਈ ਹੁੰਦਾ ਹੈ ਕਿ ਸਥਾਨੀਕਰਨ ਕਰਨ ਦੌਰਾਨ ਕਿਹੜੀਆਂ ਭਾਸ਼ਾਵਾਂ ਨੂੰ ਤਰਜੀਹ ਦਿੱਤੀ ਜਾਵੇ।

3. ਸਹੀ ਪਾਰਟਨਰਾਂ ਦੀ ਪਛਾਣ ਕਰਨਾ

ਜ਼ਰੂਰੀ ਨਹੀਂ ਹੈ ਕਿ ਹਰ ਬ੍ਰਾਂਡ ਕੋਲ ਆਪਣੇ ਖ਼ੁਦ ਦੇ ਭਾਸ਼ਾ ਅਤੇ ਸੱਭਿਆਚਾਰ ਮਾਹਰ ਹੋਣ। ਇਸੇ ਲਈ ਹੀ ਕਿਸੇ ਸਥਾਨੀਕਰਨ ਰਣਨੀਤੀ ਦੇ ਸਫਲ ਹੋਣ ਵਿੱਚ ਸਹੀ ਸਥਾਨੀਕਰਨ ਪਾਰਟਨਰ ਚੁਣਨ ਦੀ ਅਹਿਮ ਭੂਮਿਕਾ ਹੈ। ਅਸੀਂ ਇੱਥੇ “ਪਾਰਟਨਰ” ਸ਼ਬਦ ਜਾਣ-ਬੁੱਝ ਕੇ ਵਰਤਿਆ ਹੈ ਕਿਉਂਕਿ ਸਾਡੇ ਮੁਤਾਬਕ ਇਸ ਮਿਸ਼ਨ ਵਿੱਚ ਸਫਲ ਹੋਣ ਦਾ ਇਹੀ ਸਭ ਤੋਂ ਵਧੀਆ ਢੰਗ ਹੈ। ਇੱਕ ਸਮਝਦਾਰ ਬ੍ਰਾਂਡ ਆਪਣੀਆਂ ਮੁੱਢਲੀਆਂ ਕਦਰਾਂ-ਕੀਮਤਾਂ ਨੂੰ ਸਮਝਣ ਵਾਲੀ ਅਤੇ ਉਸਨੂੰ ਸਹੀ ਤਰੀਕੇ ਨਾਲ ਦਰਸਾਉਣ ਵਾਲੀ ਏਜੰਸੀ ਨਾਲ ਹੀ ਭਾਈਵਾਲੀ ਕਰੇਗਾ। ਇਸ ਤਰੀਕੇ ਨਾਲ ਉਸ ਏਜੰਸੀ ਨੂੰ ਬ੍ਰਾਂਡ ਦੀ ਵਿਚਾਰਧਾਰਾ ਨਾਲ ਇਕਸਾਰ ਬਣਾਉਣਾ ਅਤੇ ਉਸ ਮੁਤਾਬਕ ਸਿਖਲਾਈ ਦੇਣਾ ਆਸਾਨ ਹੋ ਜਾਂਦਾ ਹੈ। ਜਿੱਥੇ ਸਾਂਝੇਦਾਰੀ ਦੀ ਭਾਵਨਾ ਪ੍ਰਬਲ ਹੁੰਦੀ ਹੈ, ਉੱਥੇ ਆਪਸੀ ਭਰੋਸਾ ਅਤੇ ਲਗਾਤਾਰ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਹੀ ਸਫਲਤਾ ਦੀ ਕੁੰਜੀ ਹਨ। ਇੱਕ ਲੈਣ-ਦੇਣ ਵਾਲਾ ਰਿਸ਼ਤਾ ਸਿਰਫ਼ ਉੱਥੇ ਤੱਕ ਹੀ ਸੀਮਤ ਰਹੇਗਾ ਅਤੇ ਤੁਸੀਂ ਇਸ ਤੋਂ ਕਿਸੇ ਵੀ ਹੋਰ ਚੀਜ਼ ਦੀ ਉਮੀਦ ਨਹੀਂ ਕਰ ਸਕਦੇ।

4. ਸਥਾਨੀਕਰਨ ਅਤੇ ਅਨੁਵਾਦ ਦੇ ਵਿੱਚ ਦਾ ਫ਼ਰਕ

ਇਸ ਵਾਕ ਉੱਤੇ ਜ਼ਰਾ ਧਿਆਨ ਦਿਓ। “There is no set rule that a well-set brand should rule a market like a monopoly. In fact there is a thumb rule that states that any brand that tries to do so will only fall like a set of cards.” ਇਸ ਵਾਕ ਵਿੱਚ ‘set’ ਅਤੇ ‘rule’ ਸ਼ਬਦਾਂ ਨੂੰ ਤਿੰਨ ਵਾਰ ਵਰਤਿਆ ਗਿਆ ਹੈ, ਅਤੇ ਤਿੰਨੋ ਵਾਰ ਇਹਨਾਂ ਦੀ ਵਰਤੋਂ ਵੱਖ-ਵੱਖ ਸੰਦਰਭ ਵਿੱਚ ਹੋਈ ਹੈ। ਜੇਕਰ ਕੋਈ ਅਨੁਵਾਦਕ ਇਸ ਸਰੋਤ ਦਾ ਸਥਾਨਕ ਭਾਸ਼ਾ ਵਿੱਚ ਸ਼ਬਦ-ਦਰ-ਸ਼ਬਦ ਅਨੁਵਾਦ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਸੁਭਾਵਿਕ ਹੈ ਕਿ ਇਸ ਵਾਕ ਦੇ ਅਰਥ ਬਦਲ ਜਾਣਗੇ ਅਤੇ ਅਜਿਹੀਆਂ ਗ਼ਲਤੀਆਂ ਹੋਣਗੀਆਂ ਜੋ ਸਥਿਤੀ ਨੂੰ ਹਾਸੋਹੀਣਾ ਵੀ ਬਣਾ ਸਕਦੀਆਂ ਹਨ। ਦੂਜੇ ਪਾਸੇ, ਇੱਕ ਸਥਾਨੀਕਰਨ ਕਰਨ ਵਾਲਾ ਵਿਅਕਤੀ ਇਸਦੇ ਭਾਵ-ਅਰਥ ਨੂੰ ਸਮਝ ਕੇ ਉਸ ਨੂੰ ਸਥਾਨਕ ਭਾਸ਼ਾ ਵਿੱਚ ਆਪਣੇ ਸ਼ਬਦਾਂ ਵਿੱਚ ਲਿਖੇਗਾ। ਭਾਸ਼ਾ ਇੱਕ ਮਜ਼ੇਦਾਰ ਚੀਜ਼ ਹੈ। ਅਤੇ ਜੇ ਕਿਤੇ ਕੋਈ ਗ਼ਲਤੀ ਹੋ ਜਾਵੇ ਤਾਂ ਇਸ ਨਾਲ ਸਥਿਤੀ ਬਹੁਤ ਹਾਸੋਹੀਣੀ ਹੋ ਜਾਂਦੀ ਹੈ। ਜੋ ਲੋਕਾਂ ਲਈ ਤਾਂ ਹਾਸੋਹੀਣੀ ਹੋ ਸਕਦੀ ਹੈ, ਪਰ ਇਸ ਵਿੱਚ ਸ਼ਾਮਲ ਬ੍ਰਾਂਡਾਂ ਲਈ ਸ਼ਰਮਿੰਦਗੀ ਵਾਲੀ ਗੱਲ ਹੋ ਜਾਂਦੀ ਹੈ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਥਾਨੀਕਰਨ ਉਹਨਾਂ ਬਾਕੀ ਬਚੇ ਕੁਝ ਖੇਤਰਾਂ ਵਿੱਚੋਂ ਇੱਕ ਹੈ, ਜਿੱਥੇ ਮਸ਼ੀਨਾਂ ਹਾਲੇ ਤੱਕ ਮਨੁੱਖ ਦੀ ਜਗ੍ਹਾ ਲੈ ਨਹੀਂ ਪਾਈਆਂ। ਇਸ ਲਈ ਸਾਨੂੰ ਸ਼ਬਦ-ਦਰ-ਸ਼ਬਦ ਅਨੁਵਾਦ ਕਰਨ ਤੋਂ ਬਚ ਕੇ ਸੰਦਰਭ ਆਧਾਰਿਤ ਸਥਾਨੀਕਰਨ ਨੂੰ ਅਪਣਾਉਣਾ ਚਾਹੀਦਾ ਹੈ, ਜੋ ਸ਼ਬਦਾਂ ਤੋਂ ਪਰ੍ਹੇ ਹੋਵੇ!

5. ਕੁਆਲਿਟੀ ਨਾਲ ਸਮਰੱਥਾ ਹਾਸਲ ਕਰਨਾ

ਵਧੀਆ ਕਾਰੋਬਾਰ ਹਮੇਸ਼ਾਂ ਆਪਣੀ ਸਮਰੱਥਾ ਨੂੰ ਬਿਹਤਰ ਬਣਾਉਣ ਲਈ ਕੋਈ ਨਾ ਕੋਈ ਤਰੀਕਾ ਲੱਭ ਲੈਂਦੇ ਹਨ। ਤੁਸੀਂ ਹਮੇਸ਼ਾਂ ਕੋਈ ਨਾ ਕੋਈ ਬੇਲੋੜਾਪੁਣਾ ਲੱਭ ਸਕੋਗੇ ਜਿਸਨੂੰ ਖ਼ਤਮ ਕਰਨ ਦੀ ਲੋੜ ਹੈ, ਕੋਈ ਅਜਿਹੀ ਪ੍ਰਕਿਰਿਆ ਜਿਸ ਨੂੰ ਆਟੋਮੇਟ ਕੀਤਾ ਜਾ ਸਕਦਾ ਹੈ ਅਤੇ ਕੋਈ ਅਜਿਹੀ ਸੰਭਾਵਨਾ ਜਿਸ ਵੱਲ ਕਦਮ ਵਧਾਇਆ ਜਾ ਸਕਦਾ ਹੈ। ਤਕਨਾਲੋਜੀ ਨੇ ਕੰਪਿਊਟਰ ਏਡਿਡ ਟਰਾਂਸਲੇਸ਼ਨ (CAT) ਟੂਲਾਂ ਦੀ ਮਦਦ ਨਾਲ ਸਥਾਨੀਕਰਨ ਉਦਯੋਗ ਨੂੰ ਬਹੁਤ ਹੱਦ ਤੱਕ ਬਦਲ ਦਿੱਤਾ ਹੈ ਅਤੇ ਇੱਕ ਆਧੁਨਿਕ ਰੂਪ ਦਿੱਤਾ ਹੈ। ਜੇਕਰ ਭਾਸ਼ਾ ਇੱਕ ਕਲਾ ਹੈ ਤਾਂ ਸਥਾਨੀਕਰਨ ਦੇ ਪਿੱਛੇ ਇੱਕ ਵਿਗਿਆਨ ਵੀ ਹੈ ਜੋ ਇਸਨੂੰ ਸੁਯੋਗ ਬਣਾਉਣ ਦੇ ਕਾਫ਼ੀ ਮੌਕੇ ਪ੍ਰਦਾਨ ਕਰਦਾ ਹੈ। ਸਥਾਨੀਕਰਨ ਦੇ ਵਿੱਚ ਪ੍ਰਵੇਸ਼ ਕਰ ਰਹੇ ਨਵੇਂ ਬ੍ਰਾਂਡਾਂ ਲਈ, ਇਹ ਸਮਝਣ ਵਿੱਚ ਸਭ ਤੋਂ ਆਸਾਨ ਖੇਤਰ ਹੋਵੇਗਾ, ਕਿਉਂਕਿ ਨੰਬਰਾਂ ਅਤੇ ਤਰਕ ਨਾਲ ਉਹਨਾਂ ਦੀ ਪੁਰਾਣੀ ਵਾਕਫ਼ੀਅਤ ਹੈ। ਪੱਕਾ ਕਰੋ ਕਿ ਤੁਹਾਡੇ ਸਥਾਨੀਕਰਨ ਪਾਰਟਨਰ ਕੋਲ ਤੁਹਾਡੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਕਨਾਲੋਜੀ ਰਾਹੀਂ ਸੰਚਾਲਿਤ ਸੋਲਿਊਸ਼ਨਾਂ ਨੂੰ ਬਣਾਉਣ ਅਤੇ ਲਾਗੂ ਕਰਨ ਦੀ ਸਮਰੱਥਾ ਅਤੇ ਕਾਬਲੀਅਤ ਹੋਵੇ। 

ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਇਹ ਕਹਿ ਸਕਦੇ ਹਾਂ ਕਿ ਕਿਸੇ ਵੀ ਕਾਰੋਬਾਰ ਲਈ ਸਥਾਨੀਕਰਨ ਵੱਲ ਕਦਮ ਵਧਾਉਣਾ ਬੇਸ਼ੱਕ ਇੱਕ ਫ਼ਾਇਦੇ ਦਾ ਸੌਦਾ ਹੋਵੇਗਾ। ਬਸ ਤੁਹਾਡੀ ਕੋਲ ਸਹੀ ਸੋਚ ਅਤੇ ਸਹੀ ਪਾਰਟਨਰ ਹੋਣਾ ਚਾਹੀਦਾ ਹੈ।

    Leave a Reply

    Your email address will not be published. Required fields are marked *